ਵਿੰਡੋਜ਼ ਦਾ ਇਤਿਹਾਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

History of Windows

ਵਿੰਡੋਜ਼ ਦੇ ਵਿਕਾਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸਭ ਤੋਂ ਪਹਿਲਾਂ Xerox Corporation ਨੇ ਮਾਊਸ ਵਰਗੀ ਪੌਆਇੰਟਿੰਗ ਤਰਕੀਬ ਲਈ ਗ੍ਰਾਫਿਕਸ ਵਾਤਾਵਰਨ ਤਿਆਰ ਕਰਨ ਦਾ ਕੰਮ ਕੀਤਾ। ਨਵੰਬਰ 1983 ਵਿੱਚ ਮਾਈਕਰੋਸਾਫਟ ਨੇ ਵਿੰਡੋਜ਼ ਦੇ ਸਭ ਤੋਂ ਪਹਿਲੇ ਸੰਸਕਰਨ ਦੀ ਮੁਨਿਆਦੀ (Announcement) ਕੀਤੀ ਪਰ ਕਿਸੇ ਕਾਰਨ (ਅਮਲੀ ਰੂਪ ਵਿੱਚ) ਇਹ ਅਪ੍ਰੈਲ 1984 ਤੱਕ ਤਿਆਰ ਨਾ ਹੋ ਸਕਿਆ।

ਵਿੰਡੋਜ਼ ਦਾ ਪਹਿਲਾ ਸੰਸਕਰਨ ਵਿੰਡੋਜ਼-1.0 ਸੀ। ਇਸ ਉੱਤੇ ਹੋਰ ਕਿਸੇ ਵੀ ਐਪਲੀਕੇਸ਼ਨ ਨੂੰ ਚਲਾਉਣ ਦੀ ਸੁਵਿਧਾ ਨਹੀਂ ਸੀ। ਇਸ ਸੰਸਕਰਨ ਦਾ ਸਕਰੀਨ ਉੱਤੇ ਪ੍ਰਦਰਸ਼ਨ ਬੜਾ ਮਾੜਾ ਸੀ ਤੇ ਇਹ ਇੰਨੀ ਪ੍ਰਭਾਵਸ਼ਾਲੀ ਵੀ ਨਹੀਂ ਸੀ। ਵਿੰਡੋਜ਼-2.0 ਸੰਸਕਰਨ ਅਕਤੂਬਰ 1987 ਵਿੱਚ ਤਿਆਰ ਕੀਤਾ ਗਿਆ। ਇਸ ਮਗਰੋਂ ਜਨਵਰੀ 1998 ਵਿੱਚ ਵਿੰਡੋਜ਼-2.0 ਦਾ ਆਧੁਨਿਕ ਸੰਸਕਰਨ ਵਿੰਡੋਜ਼-2.03 ਦੇ ਨਾਮ ਹੇਠ ਜਾਰੀ ਕੀਤਾ ਗਿਆ।

ਮਈ 1990 ਵਿੱਚ ਵਿੰਡੋਜ਼-3.0 ਸੰਸਕਰਨ ਤਿਆਰ ਕੀਤਾ ਗਿਆ। ਇਸ ਸੰਸਕਰਨ ਨੇ ਪੁਰਾਣੇ ਸੰਸਕਰਨਾਂ ਦੀਆਂ ਕਮੀਆਂ ਨੂੰ ਕਾਫ਼ੀ ਹੱਦ ਤੱਕ ਪੂਰਾ ਕਰ ਦਿੱਤਾ। ਮਾਈਕਰੋਸਾਫਟ ਕੰਪਨੀ ਨੇ ਅਪ੍ਰੈਲ 1991 ਵਿੱਚ ਸ਼ਿਕਾਗੋ ਵਿੱਚ ਹੋਈ ਵਿੰਡੋਜ਼ ਕੌਮਾਂਤਰੀ ਕਾਨਫਰੰਸ ਦੌਰਾਨ ਵਿੰਡੋਜ਼-3.1 ਸੰਸਕਰਨ ਪੇਸ਼ ਕੀਤਾ। ਇਸ ਨਵੇਂ ਸੰਸਕਰਨ ਵਿੱਚ ਟਰਿਊ ਟਾਈਪ ਫੌਂਟ ਅਤੇ ਆਬਜੈਕਟ ਲਿੰਕਿੰਗ ਐਂਡ ਐਂਬੇਡਿੰਗ ਦੀ ਸੁਵਿਧਾ ਸ਼ਾਮਿਲ ਕੀਤੀ ਗਈ

1992 ਵਿੱਚ ਮਾਈਕਰੋਸਾਫਟ ਨੇ ਵਿੰਡੋਜ਼-NT ਦਾ ਸੰਸਕਰਨ ਤਿਆਰ ਕੀਤਾ ਜਿਸ ਵਿੱਚ ਨੈੱਟਵਰਕਿੰਗ ਦੀ ਸ਼ਕਤੀਸ਼ਾਲੀ ਸੁਵਿਧਾ ਸੀ। ਇਸ ਵਿੱਚ ਕਮੀ ਇਹ ਸੀ ਕਿ ਇਹ ਇਕ ਵੱਖਰਾ ਓਪਰੇਟਿੰਗ ਸਿਸਟਮ ਸੀ ਤੇ ਡੌਸ ਉੱਤੇ ਨਹੀਂ ਸੀ ਚਲ ਸਕਦਾ। ਇਹ ਇਕ ਮਲਟੀ-ਟਾਸਕਿੰਗ ਥਰੈਡਿਡ ਓਪਰੇਟਿੰਗ ਸਿਸਟਮ ਸੀ। 1993 ਵਿੱਚ ਮਾਈਕਰੋਸਾਫਟ ਨੇ ਵਰਕ ਗਰੁੱਪਸ ਲਈ ਵਿੰਡੋਜ਼-3.11 ਤਿਆਰ ਕੀਤੀ। ਇਸ ਵਿੱਚ ਪੀਅਰ-ਟੂ-ਪੀਅਰ ਨੈੱਟਵਰਕਿੰਗ ਦੀ ਬੇਮਿਸਾਲ ਸੁਵਿਧਾ ਸੀ। 24 ਅਗਸਤ 1995 ਵਿੱਚ ਮਾਈਕਰੋਸਾਫਟ ਨੇ ਵਿੰਡੋਜ਼ ਦੇ ਨਵੇਂ ਸੰਸਕਰਨ ''ਵਿੰਡੋਜ਼-95'' ਨੂੰ ਦੁਨੀਆ ਦੇ 40 ਦੇਸ਼ਾਂ ਵਿੱਚ ਸਮੂਹਿਕ ਰੂਪ ਵਿੱਚ ਜਾਰੀ ਕੀਤਾ। ਇਸ ਮਗਰੋਂ ਵਿੰਡੋਜ਼-95 ਦਾ ਆਧੁਨਿਕ ਸੰਸਕਰਨ ਵਿੰਡੋਜ਼-97 ਮਾਰਚ 1997 ਵਿੱਚ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਵਿੰਡੋਜ਼-98 ਜਨਵਰੀ 1998 'ਚ ਬਾਜ਼ਾਰ ਵਿੱਚ ਉਤਾਰਿਆ ਗਿਆ। 17 ਫਰਵਰੀ 2000 ਨੂੰ ਵਿੰਡੋਜ਼-2000 ਨੂੰ ਪੇਸ਼ ਕੀਤਾ ਗਿਆ। ਮਾਈਕਰੋਸਾਫਟ ਕੰਪਨੀ ਨੇ ਵਿੰਡੋਜ਼-XP ਸੰਸਕਰਨ ਅਕਤੂਬਰ 2001 ਵਿੱਚ ਪੇਸ਼ ਕੀਤਾ। ਵਿੰਡੋਜ਼-ਵਿਸਟਾ ਜਨਵਰੀ 2007 ਵਿੱਚ ਜਾਰੀ ਕੀਤੀ ਗਈ। ਇਸ ਸੰਸਕਰਨ ਦੇ ਆਉਣ ਨਾਲ ਨੈੱਟਵਰਕਿੰਗ ਅਧਾਰ ਵਾਲੇ ਵਿੰਡੋਜ਼ ਦੇ ਤਿੰਨ ਸੰਸਕਰਨ (ਵਿੰਡੋਜ਼-NT, ਵਿੰਡੋਜ਼-2000, ਵਿੰਡੋਜ਼-XP) ਉਪਲਬਧ ਹੋ ਗਏ ਹਨ। ਇਸ ਮਗਰੋਂ ਕੰਪਨੀ ਨੇ ਵਿੰਡੋਜ਼-7 ਦਾ ਸੰਪੂਰਨ ਸੰਸਕਰਨ ਤਿਆਰ ਕੀਤਾ। ਵਿੰਡੋਜ-8 ਵੀ ਜਲਦੀ ਜਾਰੀ ਕੀਤੀ ਜਾ ਰਹੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.